ਸਾਡੀਆਂ 5 ਪੀੜ੍ਹੀਆਂ ਦਾ ਗਵਾਹ ਹੈ ਇਹ ਸਾਡੇ ਵਿਹੜੇ ਵਿੱਚ ਖੜਾ ਨਿੰਮ ਦਾ ਰੁੱਖ

ਮੇਰੇ ਉੱਚੇ ਲੰਮੇ ਪੜਦਾਦੇ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਸੀ

ਉਦਾਸ ਵੀ ਹੋ ਜਾਂਦਾ ਜਦੋ ਫ਼ਸਲ ਸਿਰੇ ਚੜਨ ਤੋ ਪਹਿਲਾਂ ਹੀ ਮਰ ਜਾਂਦੀ

ਬਾਜਰੇ ਦੀ ਮੋਟੀਆਂ ਤੇ ਸੁੱਕੀਆਂ ਰੋਟੀਆਂ ਖਾਂਦੇ ਟੱਬਰ ਨੂੰ ਵੇਖ ਆਪਣੇ ਪੱਤਿਆਂ ਨਾਲ ਚੁੱਲੇ ਦੀ ਅੱਗ ਨੂੰ ਧੁਖਾਉਣ ਦੀ ਕੋਸ਼ਿਸ਼ ਕਰਦਾ

ਮੂੰਹ ਹਨੇਰੇ ਖੇਤਾਂ ਵਿੱਚ ਗਈ ਬਲਦਾਂ ਦੀ ਜੋੜੀ ਥੱਕੀ ਹਾਰੀ ਜਦੋ ਆ ਬਹਿੰਦੀ ਥੱਲੇ ਹੋਰ ਠੰਡਾ ਹੋਣ ਦੀ ਕੋਸ਼ਿਸ਼ ਕਰਦਾ

ਇਹ ਨਿੰਮ ਦਾ ਬੂਟਾ ਮੇਰੇ ਦਾਦੇ ਦਾ ਹਾਣੀ ਉਹਦੀ ਲਹਿੰਦੀ ਉਮਰ ਨੂੰ ਦੇਖ ਕੇ ਝੁਰਨ ਜਿਹਾ ਲੱਗ ਜਾਂਦਾ

ਮੇਰੇ ਪਿਓ ਦੀ ਚੜ੍ਹਦੀ ਜਵਾਨੀ ਦਾ ਜਸ਼ਨ ਵੀ ਮਨਾਉਂਦਾ

ਵਿਹੜੇ ਵਿੱਚ ਨਿੰਮ ਨਾਲੋ ਵੀ ਲੰਮੀਆਂ ਹੋਈਆਂ ਧੀਆਂ ਨੂੰ ਦੇਖ ਤੇ ਦਾਜ ਲੋਭੀਆਂ ਬਾਰੇ ਸੋਚ ਕੇ ,

ਉਹਦੇ ਪੱਤੇ ਪੀਲ਼ੇ ਜਿਹੇ ਪੈ ਜਾਂਦੇ

ਉਹਨੇ ਅੱਖੀਂ ਵੇਖਿਆ ਬਦਲਦੇ ਜ਼ਮਾਨੇ ਨੂੰ ਬਲ਼ਦ ਚੱਲ ਵਸੇ ਤੇ ਹੁਣ ਨਿੰਮ ਥੱਲੇ ਟਰੈਕਟਰ ਆ ਖੜਾ ਹੋਇਆ

ਟਰੈਕਟਰ ਦਾ ਧੂੰਆਂ ਉਹਦੀਆਂ ਅੱਖਾਂ ਵਿੱਚੋਂ ਪਾਣੀ ਕੱਢ ਦਿੰਦਾ

ਉਹਨੇ ਕਿੰਨਾ ਕੁੱਝ ਵੇਖਿਆ ਉਹਦੇ ਥੱਲੇ ਮੰਜੀ ਡਾਹ ਕੇ ਸੋਣ ਵਾਲੇ ਇੱਕ ਇੱਕ ਕਰਕੇ ਰੱਬ ਦੇ ਚਰਨੀ ਜਾ ਬੈਠੇ

ਬਹੁਤ ਕੁੱਝ ਬਦਲ ਗਿਆ ,ਜੇ ਕੁੱਝ ਨਹੀ ਬਦਲਿਆ ਤਾਂ ਉਹ ਸੀ ਕਿਸਾਨ ਦਾ ਦੁੱਖ

ਵਕਤ ਦੀ ਧੁੱਪ ਤੋਂ ਬਚਣ ਲਈ ਉਦੋਂ ਵੀ ਨਿੰਮ ਥੱਲੇ ਬੈਠ ਜਾਂਦਾ ਸੀ

ਨਿੰਮ ਦੇ ਪੁੱਤ ਵਰਗਾ ਕਿਸਾਨ

ਅੱਜ ਸੰਘਰਸ਼ ਆਪਣੇ ਸਿਰ ਤੇ ਲੜ ਰਿਹਾ ਹੈ

ਮੁੜਕੇ ਨਾਲ ਭਿੱਜੇ ਹੋਏ ਕਿਸਾਨ ਦੇ ਅੱਖਾਂ ਦੇ ਹੰਝੂਆਂ ਤੇ ਮੁੜ੍ਹਕੇ ਦਾ ਫਰਕ ਸਿਰਫ ਇਹੀ ਪਛਾਣਦਾ ਹੈ

ਕਿਉਂਕਿ ਇਹ 5 ਪੀੜੀਆਂ ਤੋਂ ਇਸ ਦਰਦ ਨੂੰ ਜਾਣਦਾ ਹੈ

ਪਤਾ ਨਹੀ ਕਿਉਂ ਹੁਣ ਉਹਦੇ ਪੱਤੇ ਬਿਨਾ ਪਤਝੜ ਤੋ ਵੀ ਝੜ ਜਾਂਦੇ ਹਨ

ਸ਼ਾਇਦ ਜਿਹੜੇ ਤੁਰ ਗਏ ਹਨ

ਉਹ ਉਹਦੇ ਟਾਹਣਿਆਂ ਤੇ ਬੈਠੇ ਫ਼ਿਕਰ ਨਾਲ ਉਹਦੇ ਪੱਤੇ ਹੀ ਤੋੜ ਤੋੜ ਕੇ ਸੁੱਟ ਦਿੰਦੇ ਹਨ

ਤੇ ਪੁੱਛਦੇ ਹਨ ਸਭ ਕੁੱਝ ਬਦਲ ਗਿਆ

ਤੂੰ ,ਤੇ ਕਿਸਾਨ ਦੇ ਹਲਾਤ ਕਦੋਂ ਬਦਲੋਗੇ

ਡਾ .ਸੁਖਜੀਤ ਸਿੰਘ ਚੀਮਾ