ਬਾਬਾ ਨਾਨਕ ਸਾਡੀ ਰੂਹ ਵਿੱਚ ਵੱਸਦਾ
ਚੰਗੇ ਮਾੜੇ ਦਾ ਫ਼ਰਕ ਉਹ ਦੱਸਦਾ
ਫਿਰ ਵੀ ਵੜ ਜਾਈਏ ਅਸੀਂ ਵਿੱਚ ਕੂੜ ਹਨੇਰੇ
ਬਾਬਾ ਸਾਨੂੰ ਮਾਫ ਕਰੀਂ ਅਸੀਂ ਭੁੱਲ ਬੈਠੇ ਦੱਸੇ ਰਾਹ ਤੇਰੇ
ਤੂੰ ਹੀ ਸਾਨੂੰ ਕਿਰਤ ਸਿਖਾਈ ਨਾਮ ਜਪਣ ਤੇ ਵੰਡ ਛਕਣ ਦੀ ਰੀਤ ਚਲਾਈ
ਲੁੱਟਣ ਬਹਿ ਗਏ ਬੰਦੇ ਤੇਰੇ
ਝੂਠ ਪਾਪ ਤੇ ਲਾਲਚਾਂ ਸਾਨੂੰ ਪਾ ਲਏ ਘੇਰੇ
ਮਾਫ ਕਰੀਂ ਬਾਬਾ ਸਾਨੂੰ ਭੁੱਲ ਬੈਠੇ ਅਸੀਂ ਦੱਸੇ ਰਾਹ ਤੇਰੇ
ਜਾਤ ਪਾਤ ਦੇ ਤੂੰ ਹਟਾਏ ਰੋੜੇ
ਅੰਧਵਿਸ਼ਵਾਸਾਂ ਦੇ ਤੂੰ ਸੰਗਲ ਤੋੜੇ
ਦੇ ਕੇ ਹੋਕਾ ਇੱਕ ਓਂਕਾਰ ਦਾ ਪਾਖੰਡੀਆਂ ਦੇ ਮੂੰਹ ਤੂੰ ਮੋੜੇ
ਸੱਜਣ ਠੱਗ ਜਿਹਾ ਵੀ ਹੱਥ ਤੇਰੇ ਮੂਹਰੇ ਜੋੜੇ
ਅਗਿਆਨਤਾ ਦੀ ਧੂੰਦ ਹਟਾ ਕੇ ਗਿਆਨ ਦੇ ਲਿਆਂਦੇ ਨਵੇਂ ਸਵੇਰੇ
ਮਾਫ ਕਰੀਂ ਤੂੰ ਬਾਬਾ ਅਸੀਂ ਭੁੱਲ ਗਏ ਦੱਸੇ ਰਾਹ ਤੇਰੇ
ਕਰ ਕਿਰਪਾ ਅਸੀਂ ਸਿੱਧੇ ਰਾਹ ਪਈਏ
ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਹੀ ਕਹੀਏ
ਮਨ ਜੇ ਭਟਕੇ ਤੇਰੇ ਚਰਨੀ ਬਹੀਏ
ਮਾਨਵਤਾ ਨੂੰ ਮੰਨੀਏ ਤੇ ਮਾਨਵਤਾ ਦੇ ਨੇੜੇ ਰਹੀਏ
ਕਰਕੇ ਕਿਰਤ ਅਸੀਂ ਕਰੀਏ ਆਪਣੇ ਰੌਸ਼ਨ ਸਵੇਰੇ
ਇੱਕ ਵਾਰੀ ਬੱਸ ਮਾਫ ਕਰੀਂ ਅਸੀਂ ਚੱਲੀਏ ਦੱਸੇ ਰਾਹ ਤੇਰੇ
ਚੀਮਾ ਕਰੇ ਅਰਦਾਸਾਂ ਬਾਬਾ ਰੱਖੀਂ ਮਿਹਰ ਭਰਿਆ ਹੱਥ ਸਿਰ ਤੇ ਮੇਰੇ