ਦੋਸਤੋ ਇੱਕ ਵਾਰੀ ਕੁੱਝ ਡੱਡੂ ਚੰਗੇ ਪਾਣੀ ਦੀ ਤਲਾਸ਼ ਵਿੱਚ ਵਿੱਚ ਨਿੱਕਲੇ। ਉਹ ਜਿਸ ਛੱਪੜ ਵਿੱਚ ਰਹਿੰਦੇ ਸਨ, ਉੱਥੇ ਕਦੇ ਕਦੇ ਪਾਣੀ ਘਟ ਜਾਂਦਾ ,ਜਾਂ ਕਹਿ ਲਓ ਇੰਝ ਲੱਗਦਾ ਕੇ ਹੁਣ ਇਹ ਸੁੱਕਣ ਹੀ ਵਾਲਾ ਹੈ ।

ਪਾਣੀ ਘਟਣ ਨਾਲ ਗੰਧਲਾ ਜਿਹਾ ਵੀ ਹੋ ਜਾਂਦਾ, ਉਸ ਵਿੱਚ ਜ਼ਿਆਦਾ ਜੀਵ ਜੰਤੂ ਹੋਣ ਕਰਕੇ .ਕੁਰਬਲ ਕੁਰਬਲ ਵੀ ਹੁੰਦੀ ਰਹਿੰਦੀ ,ਖਾਣੇ ਦੀ ਤੰਗੀ ਆ ਜਾਂਦੀ।

ਇਸ ਕਰਕੇ ਉਹਨਾਂ ਸੋਚਿਆ ਕੇ ਕੋਈ ਹੋਰ ਟਿਕਾਣਾ ਲੱਭਿਆ ਜਾਵੇ ,ਤਾਂ ਕੇ ਮੁਸੀਬਤ ਵੇਲੇ ਅਸੀ ਉੱਥੇ ਪਹੁੰਚ ਸਕੀਏ ।

ਉਹ ਘੁੰਮਦੇ ਘੁੰਮਦੇ ਇੱਕ ਖੂਹ ਤੇ ਪਹੁੰਚ ਗਏ ।

ਦੇਖਿਆ ਬੜਾ ਸਾਫ ਪਾਣੀ ਹੈ ,ਬਲਕਿ ਇਨਸਾਨ ਵੀ ਇਹ ਪਾਣੀ ਪੀ ਰਹੇ ਹਨ ।ਛੱਪੜ ਦਾ ਪਾਣੀ ਤਾਂ ਇੱਕ ਸਮੇਂ ਤੇ ਡੰਗਰ ਵੀ ਪੀਣਾ ਬੰਦ ਕਰ ਦਿੰਦੇ ਹਨ ।

ਅਸੀ ਜਦੋ ਛੱਪੜ ਵਿੱਚੋਂ ਬਾਹਰ ਵੀ ਆਉਂਦੇ ਹਾਂ ਤਾਂ ਮਿੱਟੀ ਨਾਲ ਲਿੱਬੜ ਜਾਂਦੇ ਹਾਂ ।

ਇਹ ਦੇਖੋ ਕਿੰਨਾ ਸੋਹਣਾ ,ਸਾਰੇ ਪਾਸਿਆਂ ਤੋਂ ਇੱਟਾਂ ਨਾਲ ਪੱਕਾ ਹੈ ।ਆਪਾਂ ਤਾ ਗਾਰੇ ਵਿੱਚ ਫਸ ਵੀ ਜਾਂਦੇ ਹਾਂ ,ਇਥੇ ਇਹ ਵੀ ਡਰ ਨਹੀ ।

ਸਾਫ ਸੁਥਰਾ ਹੈ ਕੋਈ ਮੁਸ਼ਕ ਨਹੀ ਆਉਂਦਾ।

ਸਾਨੂੰ ਏਥੇ ਬਗਲੇ ਵੀ ਨਹੀਂ ਖਾ ਸਕਦੇ ,

ਅਸੀ ਬਿਲਕੁਲ ਮਹਿਫੂਜ ਹਾਂ ।

ਕਿਸੇ ਦੇ ਪੈਰ ਥੱਲੇ ਆਉਣ ਦਾ ਵੀ ਕੋਈ ਖ਼ਤਰਾ ਨਹੀਂ ।ਸਭ ਤੋ ਵੱਡੀ ਗੱਲ ਉੱਚ ਕੋਟੀ ਦੇ ਪਾਣੀ ਵਿੱਚ ਬਸੇਰਾ ।

ਇਹ ਸੋਚ ਕੇ ਉਹਨਾਂ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਬੜੀ ਖੁਸ਼ੀ ਨਾਲ ਤਾਰੀਆਂ ਲਾਉਣ ਲੱਗੇ ।

ਬਾਕੀ ਦੇ ਡੱਡੂਆਂ ਨੇ ਸੋਚਿਆ ਬਈ ਉਹ ਕਿਸੇ ਚੰਗੇ ਇਕਾਣੇ ਤੇ ਚਲੇ ਗਏ ,ਆਪਾਂ ਨੂੰ ਵੀ ਕੁੱਝ ਸੋਚਣਾ ਚਾਹੀਦਾ ,ਤੇ ਉਹ ਚੱਲ ਪਏ ਪੈੜ ਦੱਬਦੇ ਦੱਬਦੇ ਉਹ ਵੀ ਪਹੁੰਚ ਗਏ ਖੂਹ ਦੇ ਕਿਨਾਰੇ ।

ਉਹਨਾਂ ਬਾਹਰ ਖੜ ਕੇ ਅਵਾਜ ਮਾਰੀ ਤਾਂ, ਸਾਥੀਆਂ ਨੇ ਜਵਾਬ ਦਿੱਤੇ ਤੇ ਉੱਚੀ ਉੱਚੀ ਰੌਲਾ ਪਾਉਣ ਲੱਗੇ ,ਛਾਲ ਨਾ ਮਾਰਿਓ ।

ਪਰ ਜਿਹੜੇ ਬਾਹਰ ਖੜੇ ਸੀ ਉਹਨਾਂ ਨੂੰ ਵੀ ਤਾਂ ਉਹੀ ਫ਼ਾਇਦੇ ਦਿਸ ਰਹੇ ਸਨ ।

ਪਰ ਉਹ ਕਹਿੰਦੇ ਅਸੀ ਗਲਤੀ ਕਰ ਲਈ ਤੁਸੀ ਨਾ ਕਰਿਓ ,ਉੱਥੇ ਤਾਂ ਕਦੇ ਕਦੇ ਬਾਹਰੋਂ ਜਿਉਂਦੇ ਤਾਜ਼ੇ ਕੀਟ ਪਤੰਗੇ ਵੀ ਖਾ ਲੈਦੇ ਸੀ ,ਇੱਥੇ ਤਾਂ ਮਰੇ ਹੋਏ ਜੋ ਡਿੱਗਦੇ ਹਨ ਉਹੀ ਹੱਥ ਆਉਂਦੇ ਹਨ ,ਬਾਹਰ ਜਾ ਕੇ ਧੁੱਪ ਵੀ ਨਹੀਂ ਸੇਕ ਸਕਦੇ ਪਰ ਬਾਹਰ ਖੜੇ ਡੱਡੂਆਂ ਨੂੰ ਇਹ ਕੋਈ ਖਾਸ ਮੁਸ਼ਕਿਲ ਗੱਲ ਨਹੀ ਲੱਗੀ ,

ਉਹਨਾਂ ਸੋਚਿਆ ਕੇ ਇਹ ਨਹੀਂ ਚਾਹੁੰਦੇ ਕੇ ਅਸੀ ਵੀ ਚੰਗੀ ਥਾਂ ਤੇ ਰਹੀਏ ,ਉਹਨਾਂ ਨੇ ਆਪਸ ਵਿੱਚ ਅੱਖ ਮਿਲਾਈ ਤੇ ਖੂਹ ਵਿੱਚ ਛਾਲ ਮਾਰ ਦਿੱਤੀ ।

ਹੁਣ ਉਹ ਵੀ ਉਹੀ ਮਹਿਸੂਸ ਕਰਨ ਲੱਗੇ ,ਜੋ ਪਹਿਲੇ ਵਾਲੇ ਕਰ ਰਹੇ ਸਨ ।ਅਸਲ ਵਿੱਚ ਉਹ ਇਹ ਸਮਝਾ ਹੀ ਨਹੀਂ ਸਕੇ ,ਕੇ ਅਸੀ ਕੀ ਗਵਾ ਲਿਆ ਹੈ।

ਬਾਹਰ ਖੜੇ ਸਮਝ ਨਹੀਂ ਸਕੇ ।

ਪੰਜਾਬੀਆਂ ਲਈ ਹੁਣ ਕਨੇਡਾ ਖੂਹ ਬਣ ਚੁੱਕਾ ਹੈ ।ਇੱਕ ਦੂਜੇ ਨੂੰ ਦੇਖ ਕੇ ਬਸ ਛਾਲਾ ਮਾਰੀ ਜਾਂਦੇ ਹਨ ।

ਸੁਖਜੀਤ ਸਿੰਘ ਚੀਮਾ