ਸੌਣ ਹੀ ਲੱਗਾ ਸੀ ,ਕੇ ਬੇਟੇ ਦਾ ਫੋਨ ਆ ਗਿਆ , ਉਸ ਤੋਂ ਬਾਅਦ ਦਿਮਾਗ਼ ਵਿੱਚ ਕਈ ਵਿਚਾਰ ਚਲਦੇ ਰਹੇ , ਨੀਂਦ ਟਲ ਗਈ ਘੜੀ ਮੁਤਾਬਿਕ ਤਾਰੀਖ ਬਦਲ ਗਈ ਸੀ। ਜਿਸ ਕਰਕੇ ਸਵੇਰੇ ਅੱਖ ਲੇਟ ਖੁੱਲੀ ,ਤੇ ਤ੍ਰਬਕ ਕੇ ਉੱਠਿਆ ,ਕੇ ਪਸ਼ੂਆਂ ਨੂੰ ਪਾਣੀ ਪਿਉਣਾ ਤੇ ਫਿਰ ਝੋਨਾ ਨੂੰ ਵੀ ਪਾਣੀ ਲਾਉਣ ਜਾਣਾ ।ਅੱਧ ਖੁੱਲ੍ਹੀਆਂ ਅੱਖਾਂ ਨਾਲ ਮੱਝ ਕਿੱਲ਼ੇ ਤੋ ਖੋਲਣ ਲੱਗੇ ਦੀਆਂ ,ਮੇਰੀਆਂ ਦੋ ਉਂਗਲਾਂ ਸੰਗਲ ਦੇ ਸ੍ਹੰਨ ਵਿੱਚ ਆ ਕੇ ਲਹੂ ਲੁਹਾਣ ਹੋ ਗਈਆਂ ।ਨਲਕੇ ਨਾਲ ਟੰਗੀ ਲਾਲ ਰੰਗ ਦੀ ਲੀਰ ਹੀ ਲਪੇਟ ਲਈ ,ਜੋ ਲਹੂ ਨਾਲ ਹੀ ਇੱਕ ਮਿੱਕ ਹੋ ਗਈ , ਸੋਚਿਆ ਹੁਣ ਕਹੀ ਨਾਲ ਨੱਕਾ ਤਾਂ ਮੋੜਿਆ ਨਹੀਂ ਜਾਣਾ ,ਕੋਈ ਦਿਹਾੜੀਆ ਹੀ ਲੈ ਜਾਵਾਂਗਾ , ਮੋਟਰ ਵਾਲੇ ਕਮਰੇ ਦੀ ਚਾਬੀ ਲੈ ਕੇ ਤੁਰ ਪਿਆ ,ਸੇਮੇ ਨੂੰ ਅਵਾਜ ਮਾਰੀ ਤਾਂ ਕਹਿਦਾ ਚਾਚਾ ਮੇਰੀ ਤਾਂ ਆਪਣੀ ਸਿਹਤ ਠੀਕ ਨਹੀਂ ,ਅੱਗੇ ਹੋ ਕੇ ਮੰਗੂ ਨੂੰ ਆਵਾਜ਼ ਮਾਰੀ ਤਾਂ ਉਹਦੀ ਮਾਂ ਕਹਿੰਦੀ ,ਉਹ ਤਾਂ ਦੋਵੇਂ ਜੀ ਫਿਲਮ ਦੇਖਣ ਗਏ ਨੇ, ਸੋਚਿਆ ਚਲੋ ਰਾਹ ਤੇ ਹੀ ਤਾਂ ਮੋਟਰ ਹੈ ,ਲੰਘਦੇ ਟੱਪਦੇ ਕਿਸੇ ਕੋਲ਼ੋਂ ਨੱਕਾ ਮੁੜਵਾ ਲਾਵਾਂਗੇ ।
ਪਰ ਹੁਣ ਇੱਕ ਕਿਆਰਾ ਭਰ ਚੁੱਕਾ ਸੀ ,ਤੇ ਸਿਖਰ ਦੁਪਿਹਰ ਹੋ ਗਈ ,ਪਰ ਕੋਈ ਰਾਹੀ ਨਾ ਆਇਆ ।ਅਖੀਰ ਉਡੀਕ ਕੇ ਮੋਟਰ ਬੰਦ ਕਰਤੀ ਏਨੇ ਨੂੰ ਤਾਇਆ ਮੱਘਰ ਇੱਕ ਹੱਥ ਵਿੱਚ ਟੁੱਟੀ ਚੱਪਲ ਫੜੀ ਤੇ ਲੰਗ ਮਾਰਦਾ ਹੋਲੀ ਹੋਲੀ ਤੁਰਿਆ ਆਵੇ,ਤੇ ਕਹਿੰਦਾ ਪੈਰ ਤਿਲਕ ਗਿਆ ,ਮੈਨੂੰ ਕਹਿੰਦਾ ਤੂੰ ਸ਼ੇਰਾ ਕਿਵੇਂ ਮੋਟਰ ਬੰਦ ਕਰਕੇ ਬੈਠਾਂ ,ਫਿਰ ਉਹਨੂੰ ਸਾਰੀ ਗੱਲ ਦੱਸੀ ਕਹਿੰਦਾ ਪੁੱਤ ਮੁਫ਼ਤ ਬਿਜਲੀ ਤੇ ਦੋ ਰੁਪਏ ਕਿੱਲੋ ਕਣਕ ਨੇ ਹੱਡਾਂ ਵਿੱਚ ਪਾਣੀ ਪਾ ਤਾ , ਤੇ ਬਾਕੀ ਹੁਣ ਰਾਹ ਤੋ ਲੰਘਣ ਵਾਲੇ ਕਿੰਨੇ ਕੁ ਰਹਿ ਗਏ ,ਮੁੰਡੇ ਤਾਂ ਸਾਰੇ ਬਾਹਰਲੇ ਮੁਲਖਾਂ ਚ’ ਚਲੇ ਗਏ ,ਤੇ ਮੇਰਾ ਧਿਆਨ ਇੱਕ ਦਮ ਰਾਤ ਵਾਲੇ ਫੋਨ ਤੇ ਚਲਾ ਗਿਆ ,ਬੇਟਾ ਕਹਿੰਦਾ ਸੀ ਪਾਪਾ ਕੋਈ ਕੰਮ ਨਹੀ ਮਿਲ ਰਿਹਾ ,ਕਦੇ ਕਦੇ ਦਿਹਾੜੀ ਲੱਗਦੀ ਆ ।ਮੈਂ ਇਹ ਸੋਚਦਾ ਬੇਵੱਸ ਜਿਹਾ ਹੋ ਕੇ ਘਰ ਨੂੰ ਵਾਪਿਸ ਤੁਰ ਪਿਆ ਕੇ ਇੱਥੇ ਦਿਹਾੜੀਆ ਨਹੀ ਮਿਲਦਾ ,ਤੇ ਉੱਥੇ ਦਿਹਾੜੀ ਨਹੀ ਮਿਲਦੀ ।ਹੁਣ ਤਾਂ ਰੱਬ ਹੀ ਰਾਖਾ
ਵਾਹਿਗੁਰੂ ਭਲੀ ਕਰੇ ।
ਸੁਖਜੀਤ ਸਿੰਘ ਚੀਮਾ