ਐਵੇਂ ਨਾ ਘੁੰਮੀਏ ਕਿਸੇ ਦੇ ਪਿੱਛੇ -ਪਿੱਛੇ, ਪਰਛਾਂਵੇ ਬਣਕੇ , ਚੱਲਿਆ ਕਰ ਹਨੇਰਿਆਂ ਵਿੱਚ ,ਜੁਗਨੂੰਆਂ ਵਾਂਗ ਰੌਸ਼ਨੀਆਂ ਦਾ ਪ੍ਰਤੀਕ ਬਣਕੇ।

ਆਲ੍ਹਣਿਆਂ ਵਿੱਚ ਤਾਂ ਬੈਠੀ ਚਿੜੀ ਵੀ ਉਡੀਕ ਨਹੀ ਕਰਦੀ ਦਾਣਿਆਂ ਦੀ ,

ਤੂੰ ਕਿਉਂ ਹੱਥ ਤੇ ਹੱਥ ਧਰ ਕੇ ਘਰ ਬੈਠਾ ਰਹਿੰਦਾ ਏ ।

ਆਪਣਾ ਕੋਈ ਨਾ ਕੋਈ ਮੁੱਲ ਤਾ , ਕੋਠੇ ਤੇ ਬੈਠੀ ਤਵਾਇਫ ਵੀ ਰੱਖਦੀ ਏ,

ਤੂੰ ਕਿਉਂ ਕੌਡੀਆਂ ਤੋ ਵੀ ਖੋਟਾ ਹੋਇਆ ਬੈਠਾ ਏ ,ਆਪਣੀ ਸੋਚ ਤੋਂ ਬਿਨਾ ।

ਕੀੜੀ ਵੀ ਜਾਣਦੀ ਏ , ਪਤਾ ਨਹੀ ਕਿਹਦੇ ਪੈਰ ਥੱਲੇ ਆ ਜਾਵਾਂ , ਜਾਂ ਪੈ ਜਾਵਾਂ ਕਿਸੇ ਪੰਛੀ ਦੀ ਚੁੰਝ ਵਿੱਚ , ਫਿਰ ਵੀ ਨਿਧੜਕ ਹੋ ਕੇ ਖੁੱਡ ਵਿੱਚੋਂ ਨਿਕਲਦੀ ਹੈ ਬਾਹਰ ਖਾਣਾਂ ਲੈਣ ਲਈ ।

ਤੂੰ ਕਿਉਂ ਡਰਦਾ ਮੁਸੀਬਤਾਂ ਤੋ ਖੁੱਡ ਵਿੱਚ ਵੜਿਆ ਰਹਿੰਦਾ ਏ ।

ਕਿਸੇ ਨੇ ਚੀਮਿਆਂ ਧੇਲਾ ਮੁੱਲ ਨਹੀ ਪਾਉਣਾ ਤੇਰਾ ਚਾਹੇ ਤੂੰ ਹੀਰਾ ਏ, ਜੇਕਰ ਤੂੰ ਆਪਣੇ ਆਪ ਨੂੰ ਘਸਾਇਆ ਨਾ ।

ਇਹ ਸਿਆਹੀ ਨਹੀਂ ਮਿਲਦੀ ਬਜ਼ਾਰ ਵਿੱਚੋਂ ਕਿਸਮਤ ਲਿਖਣ ਲਈ ,

ਆਪਣੇ ਹੀ ਖੂਨ ਦੀ ਬਣਾਉਣੀ ਪੈਣੀ ਏ।

ਜਦ ਹੱਥ ਹਿਲਾਏਂਗਾ ਮਿਹਨਤ ਲਈ , ਨਿਕਲਣਗੇ ਚੰਗਿਆੜੇ ਇਹਨਾਂ ਵਿੱਚੋਂ ,ਇਹ ਰੋਸ਼ਨੀਆਂ ਨਾਲ ਭਰ ਦੇਣ ਗੇ ਤੇਰੀਆਂ ਮੰਜਿਲਾਂ ਦੇ ਰਾਹ।